punjabi

12ਵੀਂ ਦੀ ਵਿਦਿਆਰਥਣ ਬਣੀ ਇਕ ਦਿਨ ਦੀ ਐੱਸ.ਡੀ.ਐੱਮ.

Webdesk | Friday, February 2, 2018 10:52 AM IST

ਬੁਲੰਦਸ਼ਹਿਰ — ਯੂ.ਪੀ. ਦੇ ਬੁਲੰਦਸ਼ਹਿਰ ਵਿਚ ਬੁੱਧਵਾਰ ਨੂੰ 12ਵੀਂ ਜਮਾਤ ਦੀ ਵਿਦਿਆਰਥਣ ਚਾਂਦਨੀ ਸ਼ਰਮਾ ਇਕ ਦਿਨ ਲਈ ਐੱਸ.ਡੀ.ਐੱਮ. ਬਣੀ। ਇਨ੍ਹਾਂ ਹੀ ਨਹੀਂ ਵਿਦਿਆਰਥਣ ਨੇ ਸ਼ਿਕਾਇਤ ਮਿਲਣ 'ਤੇ ਅਕਾਉਟੈਂਟ ਨੂੰ ਫਟਕਾਰ ਲਗਾਈ ਅਤੇ ਤਹਿਸੀਲਦਾਰ ਨੂੰ ਭੇਜ ਕੇ ਗੈਰਕਾਨੂੰਨੀ ਦੁਕਾਨਾਂ ਨੂੰ ਡਿਗਵਾਈਆ।

ਏ.ਕੇ.ਪੀ. ਇੰਟਰ ਕਾਲਜ ਦੀ 12ਵੀਂ ਜਮਾਤ ਦੀ ਵਿਦਿਆਰਥਣ ਚਾਂਦਨੀ ਸ਼ਰਮਾ ਨੇ ਇਕ ਦਿਨ ਦੇ ਲਈ ਖੁਰਜਾ ਐੱਸ.ਡੀ.ਐੱਮ. ਪੁਲਕਿਤ ਗਰਗ ਦੀ ਕੁਰਸੀ ਸੰਭਾਲੀ। ਵਿਦਿਆਰਥਣ ਨੇ ਐੱਸ.ਡੀ.ਐੱਮ.ਦਫਤਰ ਆਉਣ ਵਾਲੇ ਜ਼ਰੂਰਤ ਮੰਦਾਂ ਦੀ ਨਾ ਸਿਰਫ ਸ਼ਿਕਾਇਤਾਂ ਸੁਣੀਆਂ ਸਗੋਂ ਉਨ੍ਹਾਂ ਦਾ ਹੱਲ ਵੀ ਕੀਤਾ। ਵਿਦਿਆਰਥਣ ਨੇ ਸਬੰਧਤ ਵਿਭਾਗਾਂ ਨੂੰ ਪੱਤਰ ਲਿਖ ਕੇ ਸਮੱਸਿਆਵਾਂ ਦਾ ਜਲਦੀ ਹੀ ਹੱਲ ਕਰਨ ਦੇ ਆਦੇਸ਼ ਦਿੱਤੇ।


ਜ਼ਿਕਰਯੋਗ ਹੈ ਕਿ ਇਹ ਪਹਿਲ ਖੁਦ ਐੱਸ.ਡੀ.ਐੱਮ. ਨੇ ਕੀਤੀ ਹੈ। ਐੱਸ.ਡੀ.ਐੱਮ. ਚਾਹੁੰਦੇ ਹਨ ਕਿ ਬੱਚੇ ਸਹੀ ਢੰਗ ਨਾਲ ਪੜ੍ਹਾਈ ਕਰਨ। ਇਸ ਕੋਸ਼ਿਸ਼ ਲਈ ਉਹ ਹਰ ਬੁੱਧਵਾਰ ਨੂੰ ਕਿਸੇ ਨਾ ਕਿਸੇ ਵਿਦਿਆਰਥੀ ਨੂੰ ਆਪਣੀ ਕੁਰਸੀ 'ਤੇ ਆਪਣੇ ਨਾਲ ਬਿਠਾਉਣਗੇ ਅਤੇ ਉਸਨੂੰ ਇਕ ਦਿਨ ਦਾ ਐੱਸ.ਡੀ.ਐੱਮ. ਬਣਾ ਕੇ ਸਮੱਸਿਆਵਾਂ ਦਾ ਹੱਲ ਕੱਢਣਗੇ।
ਐੱਸ.ਡੀ.ਐੱਮ. ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਨੌਜਵਾਨਾਂ 'ਚ ਪੜਣ ਦੀ ਸ਼ੌਂਕ ਪੈਦਾ ਹੋਵੇਗਾ ਅਤੇ ਇਸ ਦੇ ਨਾਲ-ਨਾਲ ਅਧਿਕਾਰੀਆਂ ਦੇ ਅਧਿਕਾਰਾਂ ਦੀ ਜਾਣਕਾਰੀ ਵੀ ਮਿਲੇਗੀ। ਇਸ ਤਰ੍ਹਾਂ ਕਰਨ ਨਾਲ ਵਿਦਿਆਰਥੀ ਲਗਨ ਨਾਲ ਆਈ.ਏ.ਐੱਸ., ਆਈ.ਪੀ.ਸੀ. ਦੀ ਤਿਆਰੀ ਵੱਲ ਵਧਣਗੇ।