punjabi

ਸੋਨੀਪਤ ਦਾ ਇਹ ਸਰਕਾਰੀ ਸਕੂਲ ਬਣਿਆ ਸ਼ਰਾਬੀਆਂ ਦਾ ਅੱਡਾ, ਬੱਚਿਆਂ ਤੋਂ ਕਰਵਾਈ ਜਾਂਦੀ ਹੈ ਮਜ਼ਦੂਰੀ

Webdesk | Thursday, November 30, 2017 11:09 AM IST

ਸੋਨੀਪਤ — ਸੋਨੀਪਤ ਦੇ ਪਿੰਡ ਹਰਸਾਨਾ ਕਲਾਂ ਦੇ ਸਰਕਾਰੀ ਸਕੂਲ ਦੀ ਵਿਵਸਥਾ ਬਿਲਕੁੱਲ ਵਿਗੜ ਚੁੱਕੀ ਹੈ। ਰਾਤ ਨੂੰ ਸਰਕਾਰੀ ਸਕੂਲ ਸ਼ਰਾਬੀਆਂ ਦਾ ਅੱਡਾ ਅਤੇ ਦਿਨ ਵੇਲੇ ਬਾਲ ਮਜ਼ਦੂਰੀ ਦੀ ਜਗ੍ਹਾ ਬਣ ਜਾਂਦਾ ਹੈ। ਇਸ ਤੋਂ ਇਲਾਵਾ ਮਿਡ ਡੇ ਮੀਲ ਦੇ ਭੋਜਨ 'ਚ ਵੀ ਗੰਦਗੀ ਦੇ ਢੇਰ ਮਿਲਦੇ ਹਨ। ਹਰਿਆਣਾ ਸਰਕਾਰ ਜਿਥੇ ਸਿੱਖਿਆ ਦੇ ਪੱਧਰ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕਰਦੀ ਨਜ਼ਰ ਆਉਂਦੀ ਹੈ ਉਥੇ ਇਸ ਸਕੂਲ ਦੀ ਹਾਲਤ ਦੇਖ ਸਰਕਾਰ ਦੇ ਦਾਅਵੇ ਫੇਲ ਹੁੰਦੇ ਨਜ਼ਰ ਆਉਂਦੇ ਹਨ।

ਦਰਅਸਲ ਸਕੂਲ 'ਚ ਆਪਣਾ ਭਵਿੱਖ ਬਣਾਉਣ ਦੇ ਲਈ ਆਉਣ ਵਾਲੇ ਛੋਟੇ-ਛੋਟੇ ਬੱਚੇ ਇਥੇ ਕੰਧ ਬਣਾਉਣ ਦਾ ਕੰਮ ਕਰਦੇ ਹਨ। ਦੂਸਰੇ ਪਾਸੇ ਸਕੂਲ 'ਚ ਬੈਂਚ ਹੀ ਨਹੀਂ ਹਨ, ਸੋ ਬੱਚਿਆਂ ਨੂੰ ਘਾਹ 'ਤੇ ਹੀ ਬੈਠਣਾ ਪੈਂਦਾ ਹੈ। ਸਕੂਲ 'ਚ ਬਣਾਇਆ ਜਾਣ ਵਾਲਾ ਦੁਪਹਿਰ ਦਾ ਮਿਡ ਡੇ ਮੀਲ ਗੰਦਗੀ ਨਾਲ ਭਰਿਆ ਹੁੰਦਾ ਹੈ। ਇਹ ਤਾਂ ਸਕੂਲ ਦੇ ਦਿਨ ਦੇ ਹਾਲਾਤ ਹਨ। ਹੁਣ ਸਕੂਲ ਦੇ ਰਾਤ ਦੇ ਹਾਲਾਤ 'ਤੇ ਨਜ਼ਰ ਮਾਰਦੇ ਹਾਂ। ਸਕੂਲ ਕੰਪਲੈਕਸ 'ਚ ਪਈਆਂ ਸ਼ਰਾਬ ਦੀਆਂ ਬੋਤਲਾਂ ਤੋਂ ਰਾਤ ਦੇ ਹਾਲਾਤ ਦਾ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਥੇ ਰਾਤ ਨੂੰ ਸ਼ਰਾਬੀਆਂ ਦੀ ਮਹਿਫਿਲ ਸਜਦੀ ਹੈ। ਇਨ੍ਹਾਂ ਸ਼ਰਾਬ ਦੀਆਂ ਬੋਤਲਾਂ ਨੂੰ ਦੇਖ ਕੇ ਬੱਚਿਆਂ 'ਤੇ ਕੀ ਅਸਰ ਪੈਂਦਾ ਹੋਵੇਗਾ, ਜਿਨ੍ਹਾਂ ਨੂੰ ਸ਼ਰਾਬ ਵਰਗੀ ਬੁਰੀ ਚੀਜ਼ ਤੋਂ ਦੂਰ ਰੱਖਣਾ ਚਾਹੀਦਾ ਹੈ।

ਜਦੋਂ ਇਸ ਬਾਬਤ ਸੀਨੀਅਰ ਅਧਿਕਾਰੀਆਂ ਅਤੇ ਮੰਤਰੀਆਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਜਾਂਚ ਦਾ ਭਰੋਸਾ ਦੇ ਕੇ ਗੱਲ ਖਤਮ ਕਰ ਦਿੰਦੇ ਹਨ। ਫਿਰ ਵੀ ਸੂਬੇ ਦੇ ਮੰਤਰੀ, ਨੇਤਾ ਅਤੇ ਅਧਿਕਾਰੀ ਤੱਕ ਹਰਿਆਣੇ ਦੀ ਸਿੱਖਿਆ ਵਿਵਸਥਾ ਨੂੰ ਵਧੀਆ ਬਣਾਉਣ ਲਈ ਪਿੱਛੇ ਨਹੀਂ ਹੱਟ ਰਹੇ। ਜਿਸ ਸਮੇਂ ਇਸ ਪੂਰੇ ਮਾਮਲੇ 'ਚ ਕੈਬਨਿਟ ਮੰਤਰੀ ਕ੍ਰਿਸ਼ਣ ਲਾਲ ਪਵਾਰ ਅਤੇ ਸੋਨੀਪਤ ਜ਼ਿਲਾ ਸਿੱਖਿਆ ਅਧਿਕਾਰੀ ਸੁਮਨ ਨੈਨ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਰਟਿਆ ਰਟਾਇਆ ਜਵਾਬ ਦੇ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਾਮਲੇ ਦੀ ਜਾਣਕਾਰੀ ਨਹੀਂ ਸੀ ਹੁਣ ਇਸ ਦੀ ਜਾਣਕਾਰੀ ਮਿਲੀ ਹੈ ਸੋ ਜਾਂਚ ਕੀਤੀ ਜਾਵੇਗੀ।