punjabi

  ਜ਼ਿਲਾ ਸਿੱਖਿਆ ਬੋਰਡ ਦਾ ਕਾਰਨਾਮਾ, ਪ੍ਰਾਇਮਰੀ ਸਕੂਲ ਦਾ ਸਮਾਂ ਦੁਪਹਿਰ 1.00 ਵਜੇ ਤੋਂ ਲੈ ਕੇ ਸ਼ਾਮ 6.00 ਵਜੇ ਤੱਕ 

webdesk | Thursday, May 25, 2017 2:35 PM IST


 

ਪਠਾਨਕੋਟ— ਸੂਬੇ ਭਰ 'ਚ ਪੈ ਰਹੀ ਤੇਜ਼ ਗਰਮੀ ਦੌਰਾਨ ਇਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਸਮੇਂ 'ਚ ਤਬਦੀਲੀ ਕੀਤੀ ਗਈ ਹੈ, ਉਥੇ ਹੀ ਸਕੂਲਾਂ ਵੱਲੋਂ ਪੰਜਾਬ ਸਰਕਾਰ ਦੇ ਆਦੇਸ਼ਾਂ ਨੂੰ ਠੇਂਗਾ ਦਿਖਾਇਆ ਜਾ ਰਿਹਾ ਹੈ। ਪਠਾਨਕੋਟ 'ਚ ਦੋ ਸਕੂਲ ਅਜਿਹੇ ਹਨ ਜੋ ਪੰਜਾਬ ਸਰਕਾਰ ਦੇ ਆਦੇਸ਼ਾਂ ਨੂੰ ਠੇਂਗਾ ਦਿਖਾ ਰਹੇ ਹਨ। ਇੰਨੀ ਤੇਜ਼ ਗਰਮੀ ਦੌਰਾਨ ਜ਼ਿਲਾ ਸਿੱਖਿਆ ਅਫਸਰ ਵੱਲੋਂ ਪਠਾਨਕੋਟ ਦੇ ਇਕ ਪ੍ਰਾਇਮਰੀ ਸਕੂਲ ਦਾ ਸਮਾਂ ਦੁਪਹਿਰ 1.00 ਵਜੇ ਤੋਂ ਲੈ ਕੇ ਸ਼ਾਮ 6.00 ਵਜੇ ਤੱਕ ਦਾ ਕਰ ਦਿੱਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਪੈ ਰਹੀ ਗਰਮੀ ਦੇ ਕਾਰਨ ਬੱਚਿਆਂ ਦੇ ਸਕੂਲਾਂ ਦਾ ਸਮਾਂ 7.30 ਤੋਂ 12.30 ਵਜੇ ਤੱਕ ਕੀਤਾ ਗਿਆ ਹੈ। ਪਠਾਨਕੋਟ 'ਚ ਇਕ ਹੀ ਇਮਾਰਤ 'ਚ ਚੱਲ ਰਹੇ ਦੋ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਸੁੰਦਰ ਨਗਰ ਪਠਾਨਕੋਟ ਅਤੇ ਸਰਕਾਰੀ ਮਿਡਲ ਸਕੂਲ ਸੁੰਦਰ ਨਗਰ ਪਠਾਨਕੋਟ ਨੂੰ ਵੱਖ-ਵੱਖ ਸ਼ਿਫਟਾ 'ਚ ਖੋਲ੍ਹਣ ਨੂੰ ਕਿਹਾ ਗਿਆ ਹੈ। ਦਰਅਸਲ, ਇਸ ਦਾ ਕਾਰਨ ਇਹ ਹੈ ਕਿ ਇਨ੍ਹਾਂ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ ਵੱਧ ਹੈ ਅਤੇ ਕਮਰਿਆਂ ਦੀ ਬਹੁਤ ਹੀ ਘਾਟ ਹੈ, ਜਿਸ ਕਰਕੇ ਸਮੇਂ 'ਚ ਬਦਲਾਅ ਕੀਤਾ ਗਿਆ ਹੈ। ਘੱਟ ਕਮਰਿਆਂ ਦੇ ਕਰਕੇ ਸਰਕਾਰੀ ਮਿਡਲ ਸਕੂਲ ਸੁੰਦਰ ਨਗਰ ਪਠਾਨਕੋਟ 'ਚ ਗਰਮੀਆਂ ਦਾ ਸਮਾਂ ਸਵੇਰੇ 8.00 ਤੋਂ ਦੁਪਹਿਰ 1.00 ਵਜੇ ਤੱਕ ਅਤੇ ਸਰਦਰੀਆਂ ਦਾ ਸਮਾਂ ਵੀ ਸਵੇਰੇ 8.00 ਤੋਂ ਦੁਪਹਿਰ 1.00 ਵਜੇ ਤੱਕ ਕੀਤਾ ਗਿਆ ਹੈ। ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਸਮਾਂ ਦੁਪਹਿਰ 1.00 ਵਜੇ ਤੋਂ ਲੈ ਕੇ ਸ਼ਾਮ 6.00 ਵਜੇ ਤੱਕ ਕੀਤਾ ਗਿਆ ਹੈ ਜਦਕਿ ਸਰਦੀਆਂ ਦਾ ਸਮਾਂ ਦੁਪਹਿਰ 1.00 ਵਜੇ ਤੋਂ ਸ਼ਾਮ 5.30 ਵਜੇ ਤੱਕ ਕੀਤਾ ਗਿਆ ਹੈ।