punjabi

ਸਕੂਲਾਂ ‘ਚ ਕੀ ਕਰ ਰਹੇ ਨੇ ਬੱਚੇ, ਇਸ ਤਰ੍ਹਾਂ ਜਾਣਗੇ ਮਾਪੇ

Webdesk | Friday, January 19, 2018 9:28 AM IST

ਨਵੀਂ ਦਿੱਲੀ— ਸਕੂਲਾਂ 'ਚ ਬੱਚੇ ਕੀ ਕਰ ਰਹੇ ਹਨ, ਇਹ ਜਾਨਣ ਲਈ ਮਾਪਿਆਂ ਨੂੰ ਹੁਣ ਸਕੂਲ ਜਾਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਘਰ ਬੈਠੇ ਹੀ ਆਪਣੇ ਫੋਨ ਦੀ ਸਹਾਇਤਾ ਨਾਲ ਸਕੂਲ 'ਚ ਆਪਣੇ ਬੱਚੇ 'ਤੇ ਨਜ਼ਰ ਰੱਖ ਸਕਣਗੇ। ਦਿੱਲੀ ਸਰਕਾਰ ਦੀ ਸਕੂਲਾਂ 'ਚ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦੀ ਯੋਜਨਾ ਨਾਲ ਜ਼ਲਦ ਹੀ ਅਜਿਹਾ ਸੰਭਵ ਵੀ ਹੋ ਜਾਵੇਗਾ।   ਦਰਅਸਲ ਦਿੱਲੀ ਸਰਕਾਰ ਰਾਜਧਾਨੀ ਦੇ ਸਾਰੇ ਸਰਕਾਰੀ ਸਕੂਲਾਂ 'ਚ ਸੀ. ਸੀ. ਟੀ. ਵੀ. ਲਗਾਉਣ ਦੀ ਤਿਆਰੀ ਕਰ ਰਹੀ ਹੈ। ਕੈਮਰੇ ਦੇ ਇੰਸਟਾਲ ਹੋਣ ਤੋਂ ਬਾਅਦ ਮਾਪਿਆਂ ਨੂੰ ਸਕੂਲ ਤੋਂ ਸਿੱਧੀ ਜਾਣਕਾਰੀ ਮਿਲੇਗੀ।

ਇਸ ਯੋਜਨਾ ਦੀ ਪ੍ਰਗਤੀ ਦਾ ਕੁੱਝ ਦਿਨ ਪਹਿਲਾਂ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਾਇਜਾ ਲਿਆ ਸੀ। ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਇਸ ਬਾਰੇ 'ਚ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵੀਟ 'ਚ ਲਿਖਿਆ ਕਿ ਬਹੁਤ ਜ਼ਲਦ ਹੀ ਮਾਪੇ ਇਹ ਦੇਖ ਸਕਣਗੇ ਕਿ ਉਨ੍ਹਾਂ ਦਾ ਬੱਚੇ ਸਕੂਲ 'ਚ ਕੀ ਕਰ ਰਹੇ ਹਨ। ਅਸੀਂ ਉਨ੍ਹਾਂ ਨੂੰ ਰੀਅਲ ਟਾਈਮ ਫੀਡ ਦੇਣ ਦੀ ਵਿਵਸਥਾ ਕਰਨ ਜਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਇਹ ਕੋਸ਼ਿਸ਼ ਪੂਰੇ ਸਿਸਟਮ ਨੂੰ ਪਾਰਦਰਸ਼ੀ ਬਣਾਉਣ ਵੱਲ ਇਕ ਵੱਡਾ ਕਦਮ ਹੈ ਅਤੇ ਨਾਲ ਹੀ ਅਸੀਂ ਸਕੂਲ 'ਚ ਬੱਚਿਆਂ ਦੀ ਸੁਰੱਖਿਆ ਨੂੰ ਪੁਖਤਾ ਕਰਨਾ ਚਾਹੁੰਦੇ ਹਾਂ।

ਜ਼ਿਕਰਯੋਗ ਹੈ ਕਿ ਦਿੱਲੀ ਦੇ ਸਕੂਲ 'ਚ ਪਾਇਲਟ ਪ੍ਰਾਜੈਕਟ ਦੇ ਅਧੀਨ ਸੀ. ਸੀ. ਟੀ. ਵੀ. ਕੈਮਰਾ ਲਗਾਉਣ ਦੀ ਇਹ ਯੋਜਨਾ ਸਤੰਬਰ 2015 'ਚ ਸ਼ੁਰੂ ਕੀਤੀ ਗਈ ਸੀ। ਉਸ ਸਮੇਂ ਸੂਬੇ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਸੀ ਕਿ ਸਰਕਾਰ ਦਿੱਲੀ ਦੇ ਹਰ ਸਰਕਾਰੀ ਸਕੂਲ ਪਰਿਸਰ ਅਤੇ ਕਲਾਸ ਰੂਮ 'ਚ ਸੀ. ਸੀ. ਟੀ. ਵੀ. ਕੈਮਰਾ ਲਗਾਉਣ ਜਾ ਰਹੀ ਹੈ।