punjabi

ਕਕਾਰਾਂ ਸਣੇ ਪ੍ਰੀਖਿਆ ਕੇਂਦਰ ‘’ਚ ਦਾਖਿਲ ਹੋਣ ਦਾ ਰਾਹ ਪੱਧਰਾ ਹੋਣ ਦੇ ਬਣੇ ਆਸਾਰ

Webdesk | Sunday, June 18, 2017 9:53 AM IST

ਕਕਾਰਾਂ ਸਣੇ ਪ੍ਰੀਖਿਆ ਕੇਂਦਰ ‘’ਚ ਦਾਖਿਲ ਹੋਣ ਦਾ ਰਾਹ ਪੱਧਰਾ ਹੋਣ ਦੇ ਬਣੇ ਆਸਾਰ

ਜਲੰਧਰ - ਉੱਚ ਸਿੱਖਿਆ ਦੇ ਵੱਖ-ਵੱਖ ਕੋਰਸਾਂ 'ਚ ਦਾਖਲੇ ਲਈ ਕਰਵਾਈਆਂ ਜਾਂਦੀਆਂ ਮੁਕਾਬਲਾ ਪ੍ਰੀਖਿਆਵਾਂ ਦੌਰਾਨ ਸਿੱਖ ਵਿਦਿਆਰਥੀਆਂ ਦੇ ਕਕਾਰਾਂ ਸਣੇ ਪ੍ਰੀਖਿਆ ਕੇਂਦਰ 'ਚ ਦਾਖਿਲ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ । ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵਲੋਂ ਇਸ ਮਸਲੇ 'ਤੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ । ਬੀਤੇ ਦਿਨੀਂ ਕੁਝ ਸਿੱਖ ਵਿਦਿਆਰਥੀਆਂ ਦੇ ਕ੍ਰਿਪਾਨ ਅਤੇ ਕੜਾ ਲੁਹਾਉਣ ਦੇ ਸਾਹਮਣੇ ਆਏ ਰੁਝਾਨ ਤੋਂ ਬਾਅਦ ਕਮੇਟੀ ਵਲੋਂ ਸ਼ੁਰੂ ਕੀਤੀ ਗਈ ਕਾਨੂੰਨੀ ਲੜਾਈ ਹੁਣ ਨਤੀਜੇ ਤਕ ਪੁੱਜਣ ਦੀ ਆਸ ਬੱਝ ਗਈ ਹੈ ।
ਜ਼ਿਕਰਯੋਗ ਹੈ ਕਿ ਜੀ. ਕੇ. ਨੇ 2 ਮਈ 2017 ਨੂੰ ਭਾਰਤੀ ਸੰਵਿਧਾਨ ਵਲੋਂ ਮਿਲੀ ਧਾਰਮਿਕ ਆਜ਼ਾਦੀ ਦਾ ਹਵਾਲਾ ਦਿੰਦੇ ਹੋਏ ਕੇਂਦਰੀ ਮਨੁੱਖੀ ਸਰੋਤ ਵਿਕਾਸ ਅਤੇ ਕੇਂਦਰੀ ਘੱਟਗਿਣਤੀ ਮਾਮਲਿਆਂ ਦੇ ਮੰਤਰੀਆਂ ਨੂੰ ਪੱਤਰ ਭੇਜ ਕੇ ਇਸ ਸਬੰਧੀ ਇਤਰਾਜ਼ ਦਰਜ ਕਰਾਇਆ ਸੀ। ਜੀ. ਕੇ. ਨੇ ਆਪਣੇ ਪੱਤਰ 'ਚ ਸੰਵਿਧਾਨ ਦੀ ਧਾਰਾ 25 ਅਤੇ 25 (1) ਦਾ ਜ਼ਿਕਰ ਕਰਦੇ ਹੋਏ ਭਾਰਤੀ ਸਿੱਖਾਂ ਨੂੰ ਕ੍ਰਿਪਾਨ ਧਾਰਨ ਕਰਕੇ ਹਰ ਥਾਂ ਵਿਚਰਣ ਦੇ ਮਿਲੇ ਅਧਿਕਾਰ ਦੀ ਜਾਣਕਾਰੀ ਦਿੱਤੀ ਸੀ।
ਕਮੇਟੀ ਦੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰੀ ਘੱਟਗਿਣਤੀ ਮੰਤਰਾਲੇ ਦੇ ਅੰਡਰ ਸੈਕਟਰੀ ਐੱਸ. ਕੇ. ਸ਼ਰਮਾ ਵਲੋਂ ਕਮੇਟੀ ਨੂੰ ਭੇਜੇ ਗਏ ਜਵਾਬ 'ਚ ਇਸ ਮਸਲੇ 'ਤੇ ਗੰਭੀਰਤਾ ਨਾਲ ਕਾਰਜ ਕਰਨ ਦਾ ਇਸ਼ਾਰਾ ਕੀਤਾ ਗਿਆ ਹੈ । ਸ਼ਰਮਾ ਨੇ ਅਗਲੀ ਕਾਰਵਾਈ ਲਈ ਕਮੇਟੀ ਦੀ ਸ਼ਿਕਾਇਤ ਨੂੰ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਅਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਕੋਲ ਭੇਜ ਦਿੱਤਾ ਹੈ । ਸ਼ਰਮਾ ਨੇ ਉਕਤ ਮੰਤਰਾਲਿਆਂ ਨੂੰ ਇਸ ਮਸਲੇ 'ਤੇ ਜ਼ਰੂਰੀ ਕਦਮ ਚੁੱਕਣ ਦੀ ਵੀ ਬੇਨਤੀ ਕੀਤੀ ਹੈ । ਜੌਲੀ ਨੇ ਸਾਫ ਕਿਹਾ ਕਿ ਸਿੱਖ ਬੱਚਿਆਂ ਦਾ ਕਕਾਰ ਸਹਿਤ ਪ੍ਰੀਖਿਆ ਦੇਣ ਜਾਣਾ ਸੰਵਿਧਾਨਿਕ ਹੱਕ ਹੈ, ਇਸ ਲਈ ਉਕਤ ਹੱਕ ਦੀ ਪ੍ਰਾਪਤੀ ਲਈ ਕਮੇਟੀ ਆਪਣੀ ਲੜਾਈ ਜਾਰੀ ਰੱਖੇਗੀ । ਮਾਮਲੇ ਦਾ ਹੱਲ ਮੰਤਰਾਲਿਆਂ ਵਲੋਂ ਨਾ ਕੀਤੇ ਜਾਣ ਦੇ ਹਾਲਾਤ 'ਤੇ ਕਮੇਟੀ ਨੇ ਸੁਪਰੀਮ ਕੋਰਟ ਜਾਣ ਦਾ ਰਾਹ ਵੀ ਖੁੱਲ੍ਹਾ ਰੱਖਿਆ ਹੋਇਆ ਹੈ ।