punjabi

ਸਿੱਖਿਆ ਮੰਤਰੀ ਸਿੱਖਿਆ ਨੂੰ ਗੁਣਕਾਰੀ ਬਣਾਉਣ

webdesk | Wednesday, May 24, 2017 10:58 AM IST

ਜਲੰਧਰ - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੋਮਵਾਰ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ ਤੋਂ ਪੰਜਾਬ ਸਰਕਾਰ ਨਿਰਾਸ਼ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੂੰ ਤੁਰੰਤ ਸੂਬੇ ''ਚ ਸਿੱਖਿਆ ਦੇ ਪੱਧਰ ''ਚ ਸੁਧਾਰ ਲਿਆਉਣ ਲਈ ਬਲਿਊ ਪ੍ਰਿੰਟ ਤਿਆਰ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ ਕਿਹਾ ਹੈ ਕਿ ਉਹ ਸਿੱਖਿਆ ਵਿਭਾਗ ਨੂੰ ਤੁਰੰਤ ਸਿੱਖਿਆ ਨੂੰ ਗੁਣਕਾਰੀ ਬਣਾਉਣ ਅਤੇ ਸਰਕਾਰੀ ਸਕੂਲਾਂ ਵਿਚ ਮੂਲ ਢਾਂਚਾ ਮਜ਼ਬੂਤ ਕਰਨ ਲਈ ਤੁਰੰਤ ਫੰਡ ਜਾਰੀ ਕਰੇ। 
ਇਕ ਸਰਕਾਰੀ ਬੁਲਾਰੇ ਮੁਤਾਬਿਕ ਮੁੱਖ ਮੰਤਰੀ ਨੇ 10ਵੀਂ ਦੇ ਨਤੀਜਿਆਂ ਨੂੰ ਲੈ ਕੇ ਅਰੁਣਾ ਚੌਧਰੀ ਨਾਲ ਗੱਲਬਾਤ ਦੌਰਾਨ ਨਤੀਜਿਆਂ ''ਤੇ ਨਿਰਾਸ਼ਾ ਪ੍ਰਗਟਾਈ। 10ਵੀਂ ਜਮਾਤ ਦੇ ਇਸ ਵਾਰ 40 ਫੀਸਦੀ ਤੋਂ ਵੱਧ ਵਿਦਿਆਰਥੀ ਫੇਲ ਹੋ ਗਏ ਹਨ। ਮੁੱਖ ਮੰਤਰੀ ਨੇ ਸਿੱਖਿਆ ਮੰਤਰੀ ਨੂੰ ਕਿਹਾ ਕਿ ਉਹ ਨਿੱਜੀ ਤੌਰ ''ਤੇ ਸਿੱਖਿਆ ''ਚ ਸੁਧਾਰ ਲਿਆਉਣ ਦੇ ਏਜੰਡੇ ਨੂੰ ਆਪਣੇ ਹੱਥਾਂ ''ਚ ਲੈਣ ਅਤੇ ਸਿੱਖਿਆ ਨੂੰ ਕੈਰੀਅਰ ਅਤੇ ਨੌਕਰੀ ਨਾਲ ਜੋੜਨ ਦਾ ਯਤਨ ਕਰਨ। ਉਨ੍ਹਾਂ ਕਿਹਾ ਕਿ ਮੈਂ ਨਤੀਜਿਆਂ ਤੋਂ ਚਿੰਤਤ ਹਾਂ, ਜੇ ਇਸ ਤਰ੍ਹਾਂ ਦੇ ਨਤੀਜੇ ਆਉਂਦੇ ਰਹੇ ਤਾਂ ਪੰਜਾਬ ਦੇ ਵਿਦਿਆਰਥੀ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ''ਚ ਕਿਤੇ ਵੀ ਟਿਕ ਨਹੀਂ ਸਕਣਗੇ। ਫੌਜ ''ਚ ਉਨ੍ਹਾਂ ਦੀ ਭਰਤੀ ''ਤੇ ਪਹਿਲਾਂ ਹੀ ਸਵਾਲੀਆ ਨਿਸ਼ਾਨ ਲੱਗਾ ਹੋਇਆ ਹੈ। ਨਿਰਾਸ਼ਾ ਵਾਲੀ ਗੱਲ ਇਹ ਵੀ ਹੈ ਕਿ ਮੈਰਿਟ ਲਿਸਟ ਵਿਚ ਸਰਕਾਰੀ ਸਕੂਲਾਂ ਦੇ ਸਿਰਫ 24 ਵਿਦਿਆਰਥੀ ਹੀ ਆਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਸਰਕਾਰ ਨੇ ਪਿਛਲੇ 10 ਸਾਲਾਂ ਦੌਰਾਨ ਸਿੱਖਿਆ ਦੇ ਪੱਧਰ ''ਚ ਸੁਧਾਰ ਲਿਆਉਣ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਇਹ ਹਾਲਾਤ ਬਣੇ ਹਨ। ਉਨ੍ਹਾਂ ਵਿੱਤ ਵਿਭਾਗ ਪ੍ਰਿੰਸੀਪਲ ਸਕੱਤਰ ਨੂੰ ਫੋਨ ''ਤੇ ਕਿਹਾ ਕਿ ਉਹ ਸਭ ਸਰਕਾਰੀ ਸਕੂਲਾਂ ''ਚ ਮੂਲ ਢਾਂਚਾ ਜਿਵੇਂ ਬਿਜਲੀ ਦਾ ਪ੍ਰਬੰਧ, ਫਰਨੀਚਰ, ਟਾਇਲਟਾਂ, ਖੇਡਾਂ ਦੇ ਮੈਦਾਨ ਆਦਿ ਦਾ ਪ੍ਰਬੰਧ ਕਰਨ। ਇਸ ਲਈ ਜਿਨ੍ਹਾਂ ਵੀ ਫੰਡ ਚਾਹੀਦਾ ਹੋਵੇਗਾ, ਵਿੱਤ ਵਿਭਾਗ ਨੂੰ ਜਾਰੀ ਕਰਨਾ ਚਾਹੀਦਾ ਹੈ। ਉਹ ਚਾਹੁੰਦੇ ਹਨ ਕਿ ਅਗਲੇ ਸਾਲ ਦੇ ਨਤੀਜਿਆਂ ''ਚ ਵੱਡਾ ਸੁਧਾਰ ਵੇਖਣ ਨੂੰ ਮਿਲੇ।